hostel

Originally published in pa
❤️ 0
💬 0
👁 853
Raghav Sen
Raghav Sen 12 Aug, 2019 | 1 min read

ਸਕੂਲ ਜਾਂ ਕਾਲਜ ਦਾ ਹੋਸਟਲ ਆਪਣੇ-ਆਪ ਵਿਚ ਇਕ ਹਨੀਆਂ ਹੁੰਦਾ ਹੈ। ਹੋਸਟਲ ਦੀ ਜ਼ਿੰਦਗੀ ਅਤੇ ਘਰ ਦੇ ਜੀਵਨ ਦਾ ਆਪਸ ਵਿਚ ਬਹੁਤ ਫ਼ਰਕ ਹੁੰਦਾ ਹੈ। ਹੋਸਟਲ ਦਾ ਜੀਵਨ ਮਨੁੱਖੀ ਜੀਵਨ ਦਾ ਬਹੁਤ ਖਾਸ ਭਾਗ ਹੁੰਦਾ ਹੈ। ਇਹ ਉਹ ਥਾਂ ਹੁੰਦੀ ਹੈ, ਜਿਥੇ ਵਿਦਿਆਰਥੀ ਦੇ ਠਹਿਰਣ ਅਤੇ ਰਹਿਣ ਅਤੇ ਪੜ੍ਹਨ ਦਾ ਪ੍ਰਬੰਧ ਹੁੰਦਾ ਹੈ। ਹੋਸਟਲ ਦਾ ਜੀਵਨ ਵਿਦਿਆਰਥੀ ਨੂੰ ਬਹੁਤ ਸਾਰੇ ਲਾਭ ਪਚਾਉਂਦਾ ਹੈ। ਹੋਸਟਲ ਵਿਚ ਬਿਤਾਏ ਖੁਸ਼ੀਆਂ ਭਰੇ ਦਿਨ ਵਿਦਿਆਰਥੀ ਸਾਰਾ ਜੀਵਨ ਨਹੀਂ ਭੁੱਲਦਾ। ਅਸਲ ਵਿਚ ਅਸੀਂ ਆਪਣੇ ਘਰਾਂ ਵਿਚ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇ ਹੀ ਨਹੀਂ ਸਕਦੇ। ਘਰਾਂ ਵਿਚ ਸਾਡੀ ਪੜ੍ਹਾਈ ਵਿਚ ਰੁਕਾਵਟਾਂ ਪਾਉਣ ਵਾਲੇ ਬਹੁਤ ਸਾਰੇ ਕਾਰਨ ਮੌਜੂਦ ਰਹਿੰਦੇ ਹਨ। ਘਰ ਦੇ ਕੰਮਕਾਰ, ਬੱਚਿਆਂ ਦਾ ਰੌਲਾ-ਰੱਪਾ, ਗਲੀ-ਗੁਆਂਢ ਦੇ ਰੇਡੀਓ, ਪਾਹੁਣਿਆਂ ਦੀ ਆਵਾਜਾਈ, ਘਰ ਦੇ ਕਿਸੇ ਬੰਦੇ ਦੀ ਬੀਮਾਰੀ, ਬਾਜ਼ਾਰਾਂ ਦੇ ਚੱਕਰ ਆਦਿ ਘਰਾਂ ਵਿਚ ਸਾਨੂੰ ਪੜ੍ਹਨ ਲਈ ਬੈਠਣ ਹੀ ਨਹੀਂ ਦਿੰਦੇ। ਇਸ ਦੇ ਉਲਟ ਹੋਸਟਲ ਵਿਦਿਆਰਥੀ ਨੂੰ ਪੜ੍ਹਾਈ ਕਰਨ ਲਈ ਵਧੀਆ ਮਾਹੌਲ ਪ੍ਰਦਾਨ ਕਰਦਾ ਹੈ।

ਹੋਸਟਲ ਦੀ ਜ਼ਿੰਦਗੀ ਆਪਣੇ ਆਪ ਵਿਚ ਦਿਲਚਸਪੀ ਭਰੀ ਹੁੰਦੀ ਹੈ। ਹੋਸਟਲ ਵਿਚ ਰਹਿੰਦੇ ਵਿਦਿਆਰਥੀ ਇੱਕਠੇ ਬੈਠ ਕੇ ਆਪਣੇ ਮਨਪਸੰਦ ਵਿਸ਼ਿਆਂ ਉੱਪਰ ਵਿਚਾਰ ਕਰਦੇ ਹਨ। ਉੱਥੇ ਕਾਫ਼ੀ ਮਖੌਲ ਚੱਲਦਾ ਰਹਿੰਦਾ ਹੈ। ਐਤਵਾਰ ਦੇ ਐਤਵਾਰ ਖਾਣਾ ਖਾਣ ਦੌਰਾਨ ਹਾਸੇ ਭਰੀਆਂ ਗੱਲਾਂ ਹੋਸਟਲ ਨੂੰ ਸੁਆਦ ਨਾਲ ਭਰ ਦਿੰਦੀਆਂ ਹਨ। ਹੋਸਟਲ ਵਿਚ ਰਹਿ ਕੇ ਵਿਦਿਆਰਥੀ ਆਪਣੀ ਜ਼ਿੰਦਗੀ ਪੂਰੀ ਆਜ਼ਾਦੀ ਨਾਲ ਗੁਜ਼ਾਰਨਾ ਸਿੱਖਦਾ ਹੈ ਅਤੇ ਉਸ ਵਿਚ ਸੈ-ਸੇਵਾ ਅਤੇ ਸੈ-ਭਰੋਸੇ ਦੇ ਗੁਣ ਪੈਦਾ ਹੁੰਦੇ ਹਨ। ਇੱਥੇ ਉਸ ਨੂੰ ਕੋਈ ਵੀ ਰੋਕਣ-ਟੋਕਣ ਵਾਲਾ ਨਹੀਂ ਹੁੰਦਾ ਤੇ ਉਹ ਆਪਣੇ ਆਪ ਦਾ ਆਪ ਮਾਲਕ ਹੁੰਦਾ ਹੈ।

 ਹੋਸਟਲ ਵਿਚ ਰਹਿੰਦਿਆਂ ਵਿਦਿਆਰਥੀ ਸਮੇਂ ਦਾ ਪਾਬੰਦ ਹੋਣਾ ਸਿੱਖਦਾ ਹੈ। ਉਹ ਮਿੱਥੇ ਸਮੇਂ ਅਨੁਸਾਰ ਸਾਰੇ ਕੰਮ ਕਰਦਾ ਹੈ। ਉਹ ਮਿੱਥੇ ਸਮੇਂ ਅਨੁਸਾਰ ਸੌਂ ਕੇ ਉੱਠਦਾ ਹੈ, ਈਸ਼ਵਰ ਨੂੰ ਬੇਨਤੀ ਕਰਦਾ ਹੈ, ਕਸਰਤ ਕਰਦਾ ਹੈ, ਪੜ੍ਹਨ ਬੈਠਦਾ ਹੈ, ਖਾਣਾ ਖਾਂਦਾ ਹੈ ਤੇ ਸੌਂਦਾ ਹੈ। ਹੋਸਟਲ ਵਿਚ ਰਹਿੰਦੇ ਵਿਦਿਆਰਥੀ ਵਿਚ ਅਨੁਸ਼ਾਸਨ ਅਤੇ ਦੋਸਤੀ ਦੇ ਭਾਵ ਪ੍ਰਗਟ ਹੁੰਦੇ ਹਨ। ਉਹਨਾਂ ਵਿਚ ਇਕ ਦੂਜੇ ਦਾ ਸਹਿਯੋਗ ਕਰਨ ਦਾ ਮਾਦਾ ਵੀ ਪੈਦਾ ਹੁੰਦਾ ਹੈ।

ਹੋਸਟਲ ਦੀ ਜ਼ਿੰਦਗੀ ਨੌਜਵਾਨਾਂ ਦੇ ਵਿਚਾਰਾਂ ਵਿਚੋਂ ਤੰਗ-ਨਜ਼ਰੀਏ ਨੂੰ ਕੱਢ ਦਿੰਦੀ ਹੈ।ਉਹਨਾਂ ਦੇ ਅੰਦਰ ਵਧੇਰੇ ਖਾਸ ਸਮਾਜਿਕ ਤੇ ਨੈਤਿਕ ਗੁਣ ਪੈਦਾ ਹੁੰਦੇ ਹਨ। ਉਹ ਚੰਗੇ ਨਾਗਰਿਕ ਬਣਦੇ ਹਨ। ਇੱਥੇ ਰਹਿ ਕੇ ਵਿਦਿਆਰਥੀਆਂ ਵਿਚ ਸਹਿਣਸ਼ੀਲਤਾ, ਆਪਸੀ ਦੋਸਤੀ, ਸੇਵਾ ਤੇ ਹਮਦਰਦੀ ਦੇ ਗੁਣ ਪੈਦਾ ਹੁੰਦੇ ਹਨ। ਹੋਸਟਲ ਵਿਚ ਕਾਇਮ ਹੋਈ ਦੋਸਤੀ ਉਮਰ ਭਰ ਨਿਭਦੀ ਹੈ। ਹੋਸਟਲ ਵਿਚ ਵਿਦਿਆਰਥੀ ਵਿਚ ਕਲਾਤਮਿਕ ਰੁਚੀਆਂ ਦਾ ਵੀ ਵਿਕਾਸ ਹੁੰਦਾ ਹੈ।


ਜਿੱਥੇ ਹੋਸਟਲ ਦੇ ਜੀਵਨ ਦੇ ਬਹੁਤ ਸਾਰੇ ਗੁਣ ਹਨ, ਉੱਥੇ ਇਸ ਦੇ ਕੁਝ ਔਗੁਣ ਵੀ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਬੜੇ ਮਹਿੰਗੇ ਹਨ। ਹਰ ਇਕ ਮਾਂਪਿਓ ਹੋਸਟਲ ਦਾ ਖਰਚ ਬਰਦਾਸ਼ਤ ਨਹੀਂ ਕਰ ਸਕਦੇ। ਦੂਜੇ, ਘਰ ਤੋਂ ਦੂਰ ਰਹਿਣ ਕਰਕੇ ਲੜਕੇ, ਲੜਕੀਆਂ ਵਿੱਚ ਫਜ਼ੂਲਖਰਚੀ ਵਾਲੀਆਂ ਆਦਤਾਂ ਦਾ ਵਿਕਾਸ ਹੁੰਦਾ ਹੈ। ਉਹ ਸੁਆਰਥੀ ਜਿਹੇ ਬਣ ਜਾਂਦੇ ਹਨ ਅਤੇ ਉਹਨਾਂ ਦਾ ਆਪਣੇ ਭੈਣ-ਭਰਾਵਾਂ ਨਾਲ ਕੋਈ ਭਾਵਨਾਤਮਕ ਲਗਾਓ ਨਹੀਂ ਰਹਿੰਦਾ। ਕਈ ਵਾਰ ਹੋਸਟਲ ਵਿਚ ਵਿਦਿਆਰਥੀਆਂ ਨੂੰ ਘਰ ਦੀ ਯਾਦ ਸਤਾਉਂਦੀ ਹੈ ਅਤੇ ਉਹਨਾਂ ਦਾ ਮਨ ਪੜ੍ਹਾਈ ਵਿਚ ਨਹੀਂ ਲੱਗਦਾ। ਕਈ ਵਿਦਿਆਰਥੀ ਬੁਰੀ ਸੰਗਤ ਵਿਚ ਪੈ ਕੇ ਵਿਗੜ ਜਾਂਦੇ ਹਨ। ਹਰ ਰੋਜ਼ ਸਿਨਮੇ ਜਾਣਾ, ਨਸ਼ਿਆਂ ਦੀ ਵਰਤੋਂ ਆਦਿ ਹੋਸਟਲ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਖਰਾਬ ਕਰ ਦਿੰਦੀ ਹੈ। ਅੱਜ ਕਲ੍ਹ ਬਹੁਤ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਹੋਸਟਲ ਰਾਜਨੀਤੀ ਦੇ ਅੱਡੇ ਬਣੇ ਹੋਏ ਹਨ।

ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਚੰਗਾ ਹੋਸਟਲ ਵਿਦਿਆਰਥੀ ਦੀ ਉੱਨਤੀ ਸਮੁੱਚੇ ਰੂਪ ਵਿਚ ਕਰ ਸਕਦਾ ਹੈ, ਪਰੰਤੁ ਬੇਨਿਯਮੀਆਂ ਭਰਿਆ ਹੋਸਟਲ ਵਿਦਿਆਰਥੀ ਦਾ ਜੀਵਨ ਬਰਬਾਦ ਕਰ ਸਕਦਾ ਹੈ। ਇਸ ਕਰਕੇ ਸਾਡੀਆਂ ਵਿੱਦਿਅਕ ਸੰਸਥਾਵਾਂ ਤੇ ਸਰਕਾਰ ਨੂੰ ਚੰਗੇ ਹੋਸਟਲ ਬਣਾਉਣ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ।


0 likes

Support Raghav Sen

Please login to support the author.

Published By

Raghav Sen

raghav

Comments

Appreciate the author by telling what you feel about the post 💓

Please Login or Create a free account to comment.