Accidents

Originally published in pa
Reactions 0
398
Kiran
Kiran 22 Aug, 2019 | 1 min read

ਮਨੁੱਖੀ ਜੀਵਨ ਨੂੰ ਸੁਖਾਲਾ ਬਣਾਉਣ ਲਈ ਵਿਗਿਆਨ ਨੇ ਆਵਾਜਾਈ ਦੇ ਸਾਧਨਾਂ ਵਿਚ ਭਾਰੀ ਵਿਕਾਸ ਕੀਤਾ ਹੈ, ਜਿਨ੍ਹਾਂ ਵਿਚ ਬੱਸਾਂ, ਕਾਰਾਂ, ਸਕੂਟਰ, ਮੋਟਰ-ਸਾਈਕਲ, ਰੇਲ-ਗੱਡੀਆਂ, ਆਟੋ-ਰਿਕਸ਼ੇ, ਟਰੈਕਟਰ, ਹਵਾਈ ਜਹਾਜ਼, ਸਮੁੰਦਰੀ ਜਹਾਜ਼ ਆਦਿ ਦੀ ਸਹੂਲਤ ਮਨੁੱਖ ਮਾਣ ਰਿਹਾ ਹੈ। ਪਰ ਅੱਜ ਹਾਲਾਤ ਇਹ ਬਣ ਗਏ ਹਨ ਕਿ ਹਰ ਰੋਜ਼ ਹੀ ਆਵਾਜਾਈ ਦੇ ਵਾਹਨਾਂ ਦੀ ਆਪਸੀ ਟੱਕਰ ਨਾਲ ਦਿਲ-ਕੰਬਾਊ ਹਾਦਸੇ ਵਾਪਰ ਰਹੇ ਹਨ, ਅਣਗਿਣਤ ਮੌਤਾਂ ਹੋ ਰਹੀਆਂ ਹਨ ਤੇ ਅਨੇਕਾਂ ਹੀ ਜ਼ਖ਼ਮੀ ਹੋ ਰਹੇ ਹਨ।


ਸਭ ਤੋਂ ਵੱਧ ਦੁਰਘਟਨਾਵਾਂ ਸੜਕਾਂ ‘ਤੇ ਹੋ ਰਹੀਆਂ ਹਨ, ਜਿਸ ਦੇ ਕੁਝ ਕਾਰਨ ਇਸ ਪ੍ਰਕਾਰ ਹਨ :

 ਸੜਕਾਂ ਉੱਤੇ ਵਾਹਨਾਂ ਦੀ ਗਿਣਤੀ ਵਿਚ ਅਥਾਹ ਵਾਧਾ ਹੋਣਾ ਕਿਉਂਕਿ ਹਰ ਕਿਸੇ ਕੋਲ ਨਿੱਜੀ ਵਾਹਨ ਵੀ ਹਨ ਤੇ ਸਾਝੇ ਵਾਹਨਾਂ ਤੇ ਵੀ ਭੀੜ ਹੁੰਦੀ ਹੈ। ਇਨ੍ਹਾਂ ਦੇ ਮੁਕਾਬਲੇ ਸੜਕਾਂ ਤੰਗ ਹਨ, ਇਨਾਂ ਤੰਗ ਸੜਕਾਂ ਤੇ ਹੀ ਹਰ ਪ੍ਰਕਾਰ ਦੇ ਵਾਹਨ ਤੋਂ ਪੈਦਲ ਯਾਤ ਸਫ਼ਰ ਕਰ ਰਹੇ ਹੁੰਦੇ ਹਨ।ਹਰ ਕੋਈ ਕਾਹਲ ਵਿਚ ਹੁੰਦਾ ਹੈ। ਇਕ-ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਵਿਚ ਆਵਾਜਾਈ ਦੇ ਨਿਯਮਾਂ ਦੀ ਵੀ ਪਰਵਾਹ ਨਹੀਂ। ਕੀਤੀ ਜਾਂਦੀ। ਟੈਫਿਕ ਦੀ ਮਾਮੂਲੀ ਗਲਤੀ ਹਾਦਸੇ ਦਾ ਕਾਰਨ ਬਣ ਜਾਂਦੀ ਹੈ।

 ਵਾਹਨਾਂ ਨੂੰ ਓਵਰਲੋਡ (ਵਾਧੂ ਭਾਰ ਕੀਤਾ ਗਿਆ ਹੁੰਦਾ ਹੈ । ਬੱਸਾਂ, ਆਟੋ-ਰਿਕਸ਼ੇ , ਟਰਾਲੀਆਂ-ਟਰੰਕ ਆਦਿ ਸਵਾਰੀਆਂ ਤੇ ਹੋਰ ਸਮਾਨ ਨਾਲ ਲੱਦੇ ਹੁੰਦੇ ਹਨ, ਜੋ ਸੰਤੁਲਨ ਗਵਾ ਬੈਠਦੇ ਹਨ।

 ਬਹੁਤੇ ਡਰਾਈਵਰ ਸ਼ਰਾਬੀ ਹੁੰਦੇ ਹਨ। ਅਜਿਹੀ ਸਥਿਤੀ ਵਿਚ ਉਹ ਆਪ ਵੀ ਨੁਕਸਾਨ ਝੱਲਦੇ ਹਨ ਤੇ ਦੂਜਿਆਂ ਨੂੰ ਵੀ ਬਿਪਤਾ ਵਿਚ ਪਾ ਦਿੰਦੇ ਹਨ। ਰੇਲਵੇ ਫਾਟਕ ਬੰਦ ਹੋਣ ਤੇ ਲੋਕ ਬੰਦ ਫਾਟਕ ਵਿਚੋਂ ਦੀ ਲੰਘਦੇ ਹੋਏ ਕਈ ਵਾਰ ਹਾਦਸਾਗ੍ਰਸਤ ਹੋ ਜਾਂਦੇ ਹਨ।

ਸਰਕਾਰੀ ਤੌਰ ‘ਤੇ, ਅਣਮਿਥੇ ਲੋਕਾਂ ਕੋਲ ਡਰਾਈਵਿੰਗ ਲਾਇਸੈਂਸਾਂ ਨਾ ਹੋਣਾ, ਚੌਕਾਂ ਤੇ ਸਪੀਡ ਬੇਕਰਾਂ ਤੇ ਚਿਤਾਵਨੀਆਂ ਦਾ ਯੋਗ ਪ੍ਰਬੰਧ ਨਾ ਹੋਣਾ ਤੇ ਮੀਂਹ ਆਦਿ ਪੈਣ ਕਾਰਨ ਟੁੱਟੀਆਂ ਸੜਕਾਂ ਦੀ ਮੁਰੰਮਤ ਨਾ ਕਰਨਾ ਆਦਿ ਕਾਰਨ ਵੀ ਹਾਦਸੇ ਲਈ ਜ਼ਿੰਮੇਵਾਰ ਹਨ।

ਇਸ ਤੋਂ ਇਲਾਵਾ ਮਾਨਵ-ਰਹਿਤ ਫਾਟਕਾਂ ਉੱਤੇ ਦਿਲ-ਕੰਬਾਊ ਹਾਦਸੇ ਵਾਪਰ ਰਹੇ ਹਨ। ਬਹੁਤ ਸਾਰੇ ਫਾਟਕ ਅਜਿਹੇ ਹਨ ਜਿਨ੍ਹਾਂ ਨੂੰ ਬੰਦ ਕਰਨ ਦਾ ਕੋਈ ਪ੍ਰਬੰਧ ਨਹੀਂ ਹੁੰਦਾ, ਜਿਸ ਕਾਰਨ ਸੜਕਾਂ ਰਾਹੀਂ ਸਫ਼ਰ ਕਰਨ ਵਾਲੇ ਸੁਚੇਤ ਤਾਂ ਭਾਵੇਂ ਹੁੰਦੇ ਹਨ ਪਰ ਕਈ ਵਾਰ ਕਈ ਕਾਰਨਾਂ ਕਰਕੇ ਰੇਲ-ਗੱਡੀ ਦੇ ਆਉਣ ਬਾਰੇ ਪਤਾ ਨਹੀਂ ਲਗਦਾ, ਜਿਸ ਦੇ ਸਿੱਟੇ ਵਜੋਂ ਸੜਕੀ ਵਾਹਨ ਰੇਲ-ਗੱਡੀ ਦੀ ਲਪੇਟ ਵਿਚ ਆ ਜਾਂਦੇ ਹਨ ਤੇ ਬੁਰੀ ਤਰ੍ਹਾਂ ਨੁਕਸਾਨੇ ਜਾਂਦੇ ਹਨ | ਸਰਦੀਆਂ ਵਿਚ ਧੁੰਦਾਂ ਕਾਰਨ ਅਜਿਹੇ ਹਾਦਸੇ ਅਕਸਰ ਹੀ ਵਾਪਰਦੇ ਰਹਿੰਦੇ ਹਨ।

ਇਸ ਤਰ੍ਹਾਂ ਦੁਰਘਟਨਾਵਾਂ ਜਾਨੀ-ਮਾਲੀ ਨੁਕਸਾਨ ਕਰਦੀਆਂ ਹਨ, ਉਨ੍ਹਾਂ ਪਿੱਛੇ ਲੋਕ ਆਪ ਵੀ ਜ਼ਿੰਮੇਵਾਰ ਹਨ ਤੇ ਸਰਕਾਰ ਵੀ। ਕਿਉਂਕਿ ਸਰਕਾਰ ਕੋਈ ਵੀ ਕਾਨੂੰਨ ਸਖ਼ਤੀ ਨਾਲ ਲਾਗੂ ਨਹੀਂ ਕਰਦੀ, ਰਿਸ਼ਵਤਖੋਰ ਕਲਰਕ ਆਦਿ ਪੈਸੇ ਲੈ ਕੇ ਡਰਾਈਵਿੰਗ ਲਾਇਸੈਂਸ ਜਾਰੀ ਕਰ ਦਿੰਦੇ ਹਨ, ਸ਼ਰਾਬੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ, ਓਵਰਲੋਡ ਵਾਹਨਾਂ ਦੇ ਚਲਾਨ ਨਹੀਂ ਕੱਟੇ ਜਾਂਦੇ, ਸੜਕਾਂ ਦੀ ਮੁਰੰਮਤ ਨਹੀਂ ਹੁੰਦੀ, ਜਿਸ ਕਾਰਨ ਲੋਕ ਵੀ ਲਾਪਰਵਾਹ ਹੋ ਗਏ ਹਨ, ਉਹ ਸਰਕਾਰੀ ਹੁਕਮਾਂ ਦੀ ਵੀ ਪਰਵਾਹ ਨਹੀਂ ਕਰਦੇ।ਅੱਜ ਸੜਕਾਂ ‘ਤੇ ਬੱਸਾਂ-ਕਾਰਾਂ ਦੀ ਸਪੀਡ ਹੱਦੋਂ ਵੱਧ ਤੇਜ਼ ਹੁੰਦੀ ਹੈ, ਜੋ ਰਾਹ ਜਾਂਦੇ ਹਰ ਇਕ ਲਈ ਖ਼ਤਰਾ ਹੁੰਦੀ ਹੈ। ਅੱਜ ਸੜਕਾਂ ‘ਤੇ ਵਾਹਨ ਨਹੀਂ ਬਲਕਿ ‘ਮੌਤ’ ਦੌੜਦੀ ਹੈ। ਇਨ੍ਹਾਂ ਦੁਰਘਟਨਾਵਾਂ ਨੂੰ ਰੋਕਣ ਲਈ ਯੋਗ ਪ੍ਰਬੰਧ, ਸਖ਼ਤ ਕਾਨੂੰਨ, ਸਜ਼ਾਵਾਂ, ਭਾਰੀ ਜੁਰਮਾਨੇ, ਜ਼ਿੰਮੇਵਾਰੀ, ਟੈਫਿਕ ਨਿਯਮਾਂ ਦੀ ਜਾਣਕਾਰੀ ਤੇ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ।


0 likes

Published By

Kiran

kiran

Comments

Appreciate the author by telling what you feel about the post 💓

Please Login or Create a free account to comment.