Abroad

Originally published in pa
❤️ 0
💬 0
👁 833
Kiran
Kiran 18 Aug, 2019 | 1 min read

ਪੰਜਾਬ ਦੇ ਲੋਕਾਂ, ਖ਼ਾਸ ਕਰ ਨੌਜਵਾਨਾਂ ਦੇ ਦਿਲਾਂ ਵਿਚ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਨ ਤੇ ਵਸਣ ਦੀ ਲਲਕ ਹਮੇਸ਼ਾ ਉੱਸਲਵੱਟੇ ਲੈਂਦੀ ਰਹਿੰਦੀ ਹੈ ਤੇ ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਹ ਆਪਣਾ ਸਭ ਕੁੱਝ ਦਾਅ ਤੇ ਲਾ ਕੇ ਹਰ ਢੰਗ-ਤਰੀਕਾ ਅਪਣਾਉਣ ਲਈ ਤਿਆਰ ਰਹਿੰਦੇ ਹਨ, ਭਾਵੇਂ ਉਹ ਜਾਇਜ਼ ਹੋਵੇ ਜਾਂ ਨਾਜਾਇਜ਼, ਕਾਨੂੰਨੀ ਹੋਵੇ ਜਾਂ ਗ਼ੈਰ-ਕਾਨੂੰਨੀ, ਨੈਤਿਕ ਹੋਵੇ ਜਾਂ ਅਨੈਤਿਕ, ਸੁਰੱਖਿਅਤ ਹੋਵੇ ਜਾਂ ਜੋਖ਼ਮ ਭਰਿਆ ।

ਪੰਜਾਬੀਆਂ ਵਿਚ ਇਹ ਇੱਛਾ ਇੰਨੀ ਪ੍ਰਬਲ ਹੈ ਕਿ ਅੱਜ ਇਸਦਾ ਵਪਾਰੀਕਰਨ ਹੋ ਚੁੱਕਾ ਹੈ । ਥਾਂ-ਥਾਂ ਆਮ ਲੋਕਾਂ ਤੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਭੇਜਣ ਵਿਚ ਸਹਾਇਤਾ ਕਰਨ ਦਾ ਦਾਅਵਾ ਕਰਨ ਵਾਲੇ ਏਜੰਟਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ । ਇਨ੍ਹਾਂ ਵਿਚੋਂ ਕੁੱਝ ਏਜੰਟ ਜਾਂ ਏਜੰਸੀਆਂ ਤਾਂ ਕਿਸੇ ਹੱਦ ਤਕ ਇਮਾਨਦਾਰੀ ਨਾਲ ਕੰਮ ਕਰਦੀਆਂ ਹਨ ਤੇ ਸਰਕਾਰ ਤੋਂ ਲਾਈਸੈਂਸ-ਪ੍ਰਾਪਤ ਹਨ ਪਰ ਬਹੁਤੇ ਠੱਗੀ ਦੇ ਅੱਡੇ ਹਨ । ਇਨ੍ਹਾਂ ਬਾਰੇ ਹਰ ਰੋਜ਼ ਅਖ਼ਬਾਰਾਂ ਵਿਚ ਛਪਦਾ ਹੈ ਕਿ ਕਿਵੇਂ ਇਨ੍ਹਾਂ ਅਨਸਰਾਂ ਨੂੰ ਉਚ ਸਰਕਾਰੀ ਅਫ਼ਸਰਾਂ ਤੇ ਲੋਕਾਂ ਦੇ ਅਸੈਂਬਲੀਆਂ ਤੇ ਪਾਰਲੀਮੈਂਟ ਲਈ ਚੁਣੇ ਹੋਏ ਪ੍ਰਤੀਨਿਧਾਂ ਦੀ ਸਰਪ੍ਰਸਤੀ ਹਾਸਲ ਹੈ, ਜੋ ਲੋਕਾਂ ਨੂੰ ਝੂਠੇ ਸਬਜ਼ਬਾਗ਼ ਦਿਖਾ ਕੇ ਤੇ ਕਈ ਵਾਰੀ ਝੂਠੇ ਪਾਸਪੋਰਟ, ਝੂਠੇ ਨਿਯੁਕਤੀ ਪੱਤਰ ‘ਤੇ ਕਾਗਜ਼ੀ ਰਿਸ਼ਤੇ ਤੇ ਲਾੜੇ-ਲਾੜੀਆਂ ਤਿਆਰ ਕਰ ਕੇ ਲੋਕਾਂ ਤੋਂ ਲੱਖਾਂ ਰੁਪਏ ਬਟੋਰ ਰਹੇ ਹਨ। ਇਹ ਲੋਕ ਕਦੇ ਤਾਂ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਕਿਸੇ ਗਾਇਕ ਤੇ ਭੰਗੜਾ ਮੰਡਲੀ ਜਾਂ ਖਿਡਰੀ-ਮੰਡਲੀ ਵਿਚ ਸ਼ਾਮਿਲ ਕਰ ਦਿੰਦੇ ਹਨ ਜਾਂ ਕਿਸੇ ਵਿਦੇਸ਼ ਜਾ ਰਹੇ ਵੱਡੇ ਮੰਤਰੀ ਦੀ ਪ੍ਰੇਸ-ਪਾਰਟੀ ਵਿਚ । ਕਈ ਵਾਰੀ ਇਨ੍ਹਾਂ ਦੇ ਸੰਬੰਧ ਬਾਬੂ ਲਾਲ ਕਟਾਰਾ ਵਰਗੇ ਪਾਰਲੀਮੈਂਟ ਦੇ ਮੈਂਬਰਾਂ ਨਾਲ ਵੀ ਹੁੰਦੇ ਹਨ, ਜਿਹੜੇ ਆਪਣੀ ਪਤਨੀ ਦੇ ਪਾਸਪੋਰਟ ਉੱਤੇ ਕਬੂਤਰਬਾਜ਼ੀ ਲਈ ਨਾਲ ਲਿਜਾਈ ਜਾ ਰਹੀ ਮੁਟਿਆਰ ਦੀ . ਚਿਪਕਾ ਲੈਂਦੇ ਹਨ । ਕਈ ਵਾਰੀ ਇਨਾਂ ਵਲੋਂ ਚਾਹਵਾਨ ਨੌਜਵਾਨਾਂ ਨੂੰ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਪੁਚਾਉਣ ਲਈ ਚੋਰੀ ਛਿਪੇ ਸਰਹੱਦਾਂ ਪਾਰ ਕਰਾਈਆਂ ਜਾਂਦੀਆਂ ਹਨ, ਟੈਂਕਰਾਂ ਵਿਚ ਬੰਦ ਕਰਕੇ ਜਾਂ ਕਿਸ਼ਤੀਆਂ ਵਿਚ ਚੜ੍ਹਾ ਕੇ ਸਮੁੰਦਰ ਪਾਰ ਕਰਾਏ ਜਾਂਦੇ ਹਨ | ਇਸ ਸਾਰੀ ਖੇਡ ਵਿਚ ਬਹੁਤ ਸਾਰੇ ਚਾਹਵਾਨ ਮਾਲਟਾ ਕਾਂਡ ਵਰਗੇ ਦੁਖਾਂਤਾਂ ਦੀ ਭੇਂਟ ਚੜਦੇ ਡੋਬ ਦਿਤੇ ਜਾਂਦੇ ਹਨ ਜਾਂ ਭੁੱਖ-ਪਿਆਸ ਤੇ ਮੌਸਮ ਦੀ ਸਖ਼ਤੀ ਦੇ ਕਸ਼ਟ ਭੋਗਦੇ ਹਨ ਤੇ ਮੁਟਿਆਰਾਂ ਸਰੀਰਕ ਸ਼ੋਸ਼ਣ ਦੀ ਭੇਟ ਚੜ੍ਹਦੀਆਂ ਹਨ । ਵਿਮ ਸਰਹੱਦਾਂ ਪਾਰ ਕਰਨ ਸਮੇਂ ਕਈ ਨੌਜਵਾਨ ਉੱਥੋਂ ਦੀ ਸਰਹੱਦੀ ਪੁਲਿਸ ਦੀਆਂ ਗੋਲੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਤੇ ਕਈ ਲੰਬੇ ਸਮੇਂ ਲਈ ਜੇਲਾਂ ਵਿਚ ਪਏ ਸੜਦੇ ਰਹਿੰਦੇ ਹਨ । ਉਨ੍ਹਾਂ ਤੋਂ ਪਾਸਪੋਰਟ ਤੇ ਨਕਦੀ ਖੋਹ ਕੇ ਉਨ੍ਹਾਂ ਨੂੰ ਕਿਸੇ ਪਾਸੇ ਜੋਗੇ ਨਹੀਂ ਰਹਿਣ ਦਿੱਤਾ ਜਾਂਦਾ।

ਪਰ ਸਿਤਮ ਦੀ ਗੱਲ ਇਹ ਹੈ ਕਿ ਹਰ ਰੋਜ਼ ਅਖ਼ਬਾਰਾਂ ਵਿਚ ਅਜਿਹੇ ਨੌਜਵਾਨਾਂ ਦੀ ਖੱਜਲ ਖੁਆਰੀ, ਦੁਰਦਸ਼ਾ ਤੇ ਹਸ਼ਰ ਨੂੰ ਦੇਖ ਕੇ ਅਤੇ ਪਿੱਛੇ ਰਹੇ ਉਨਾਂ ਦੇ ਕਰਜ਼ਾਈ ਹੋ ਚੁੱਕੇ ਮਾਪਿਆਂ ਦੇ ਮਾਨਸਿਕ ਕਸ਼ਟਾਂ ਤੇ ਸੰਤਾ ਬਾਰੇ ਪੜ੍ਹ ਕੇ ਵੀ ਲੋਕਾਂ ਤੇ ਨੌਜਵਾਨਾਂ ਵਿਚੋਂ ਵਿਦੇਸ਼ ਜਾਣ ਦੀ ਲਲਕ ਮੱਠੀ ਨਹੀਂ ਹੁੰਦੀ, ਸਗੋਂ ਪਹਿਲਾਂ ਵਾਂਗ ਹੀ ਪਾਸਪੋਰਟ ਬਣਾਉਣ ਲਈ ਪਾਸਪੋਰਟ ਦਫ਼ਤਰਾਂ ਵਿਚ ਤੇ ਕਿਸੇ ਨਾ ਕਿਸੇ ਢੰਗ ਨਾਲ ਵਿਦੇਸ਼ ਜਾਣ ਦਾ ਰਾਹ ਦਿਖਾਉਣ ਵਾਲੇ ਏਜੰਟਾਂ ਦੇ ਦਫ਼ਤਰਾਂ ਅੱਗੇ ਉਨ੍ਹਾਂ ਦੀਆਂ ਭੀੜਾਂ ਜੁੜੀਆਂ ਰਹਿੰਦੀਆਂ ਹਨ । ਇਨ੍ਹਾਂ ਵਿਚੋਂ ਕਈ ਉਹ ਵੀ ਹੁੰਦੇ ਹਨ, ਜਿਹੜੇ ਪਹਿਲਾਂ ਏਜੰਟਾਂ ਹੱਥੋਂ ਧੋਖਾ ਖਾ ਕੇ ਲੱਖਾਂ ਰੁਪਏ ਲੁਟਾ ਚੁੱਕੇ ਹੁੰਦੇ ਹਨ ਤੇ ਉਨ੍ਹਾਂ ਦਾ ਪਾਸਪੋਰਟ ਵੀ ਖੋਹ ਲਿਆ ਗਿਆ ਹੁੰਦਾ ਹੈ । ਇਨ੍ਹਾਂ ਵਿਚ ਉਹ ਵੀ ਸ਼ਾਮਿਲ ਹੁੰਦੇ ਹਨ, ਜਿਹੜੇ ਪਹਿਲਾਂ ਅਜਿਹੇ ਦੇਸ਼ਾਂ, ਖ਼ਾਸ ਕਰ ਇਰਾਕ, ਕੁਵੈਤ ਤੇ ਲਿਬਨਾਨ ਆਦਿ ਵਿਚ ਕੰਮ ਕਰਦੇ ਹੁੰਦੇ ਹਨ, ਪਰ ਉੱਥੋਂ ਉਨ੍ਹਾਂ ਨੂੰ ਲੜਾਈ ਦੇ ਹਾਲਾਤਾਂ ਕਰਕੇ ਆਪਣੇ ਦੇਸ਼ ਪਰਤਣਾ ਪਿਆ ਹੁੰਦਾ ਹੈ । ਉਹ ਲੜਾਈ ਦੇ ਬਾਵਜੂਦ ਉੱਥੇ ਜਾ ਕੇ ਕੰਮ ਕਰਨ ਲਈ ਤਰਲੋਮੱਛੀ ਹੋ ਰਹੇ ਹੁੰਦੇ ਹਨ ।ਇੱਥੇ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਆਖ਼ਰ ਉਹ ਕਿਹੜੇ ਕਾਰਨ ਹਨ, ਜਿਨ੍ਹਾਂ ਕਰਕੇ ਪੰਜਾਬੀ ਨੌਜਵਾਨ ਆਪਣਾ ਪਿਆਰਾ ਘਰ, ਪਰਿਵਾਰ ਤੇ ਵਤਨ ਛੱਡ ਕੇ ਵਿਦੇਸ਼ਾਂ ਵਲ ਮੂੰਹ ਕਰ ਰਹੇ ਹਨ । ਇਸਦਾ ਮੁੱਖ ਕਾਰਨ ਇਹ ਹੈ ਕਿ ਸਾਡੇ ਦੇਸ਼ ਵਿਚ ਨੌਜਵਾਨਾਂ ਨੂੰ ਆਪਣਾ ਭਵਿੱਖ ਧੁੰਦਲਾ ਦਿਖਾਈ ਦਿੰਦਾ ਹੈ । ਪੜ੍ਹ-ਲਿਖ ਕੇ ਵੀ ਨੌਕਰੀ ਮਿਲਣ ਦੇ ਚਾਨਸ ਬਹੁਤ ਘੱਟ ਹੁੰਦੇ ਹਨ । ਜਿਨ੍ਹਾਂ ਨੂੰ ਰੁਜ਼ਗਾਰ ਮਿਲ ਵੀ ਜਾਂਦਾ ਹੈ, ਉਨ੍ਹਾਂ ਨੂੰ ਤਨਖ਼ਾਹ ਇੰਨੀ ਘੱਟ ਮਿਲਦੀ ਹੈ ਕਿ ਦਿਨੋ-ਦਿਨ ਵਧ ਰਹੀ ਮਹਿੰਗਾਈ ਕਾਰਨ ਉਨ੍ਹਾਂ ਦੇ ਖ਼ਰਚ ਪੂਰੇ ਨਹੀਂ ਹੁੰਦੇ, ਜਿਹੜੇ ਕਿ ਵਧਦੀਆਂ ਵਿਗਿਆਨਿਕ ਸੁਖ-ਸਹੂਲਤਾਂ ਤੇ ਇਨ੍ਹਾਂ ਨਾਲ ਸੰਬੰਧਿਤ ਖ਼ਰਚੇ ਤਰ੍ਹਾਂ-ਤਰ੍ਹਾਂ ਦੇ ਮਾਲ ਦੇ ਵੱਧ ਤੋਂ ਵੱਧ ਗਾਹਕ ਬਣਾਉਣ ਦੀ ਹੋੜ ਵਿਚ ਲੱਗੀਆਂ ਲਾਲਚੀ ਕੰਪਨੀਆਂ ਦੀਆਂ ਨੀਤੀਆਂ ਕਰਕੇ ਲਗਾਤਾਰ ਵਧਦੇ ਜਾ ਰਹੇ ਹਨ । ਉਧਰ ਖੇਤੀ ਕੋਈ ਲਾਭਦਾਇਕ ਕਿੱਤਾ ਨਹੀਂ ਰਿਹਾ ਤੇ ਕਰਜ਼ਿਆਂ ਹੇਠ ਦੱਬੇ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ । ਨੌਜਵਾਨ ਅਜਿਹੀ ਮਾਇਕ ਸੰਕਟ ਭਰੀ ਸਥਿਤੀ ਵਿਚੋਂ ਨਿਕਲਣ ਦਾ ਇੱਕੋ ਹੱਲ ਵਿਦੇਸ਼ ਜਾ ਕੇ ਕੰਮ ਕਰਨ ਵਿਚ ਹੀ ਸਮਝਦਾ ਹੈ ਕਿਉਂਕਿ ਜਦੋਂ ਵਿਦੇਸ਼ ਵਿਚ ਜਾ ਕੇ ਕਮਾਈ ਕਰ ਰਹੇ ਕਿਸੇ ਨੌਜਵਾਨ ਦੇ ਘਰ ਵਧ ਰਹੀ ਖੁਸ਼ਹਾਲੀ ਵਲ ਦੇਖਦੇ ਹਨ, ਤਾਂ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁੱਤਰ-ਧੀ ਵੀ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ ਵਿਚ ਹੀ ਚਲਾ ਜਾਵੇ । ਇਸਦੇ ਨਾਲ ਹੀ ਉਹ ਆਲੇ-ਦੁਆਲੇ ਵਿਚ ਨੌਜਵਾਨਾਂ ਨੂੰ ਨਸ਼ਿਆਂ ਦੇ ਸ਼ਿਕਾਰ ਹੁੰਦੇ ਦੇਖ ਕੇ ਇਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਕਿਸੇ ਤਰ੍ਹਾਂ ਇਸ ਵਾਤਾਵਰਨ ਵਿਚੋਂ ਬਾਹਰ ਹੀ ਨਿਕਲ ਜਾਵੇ ।


0 likes

Support Kiran

Please login to support the author.

Published By

Kiran

kiran

Comments

Appreciate the author by telling what you feel about the post 💓

Please Login or Create a free account to comment.